ਇਹ ਇੰਟਰਵਿਊ ਰੀਜਨਲ ਸਪੋਰਟ ਮਕੈਨਿਜ਼ਮ EECA ਪ੍ਰਾਜੈਕਟ ਤਹਿਤ ਡਿਜੀਟਲ ਸਪਾਰਕ ਗ੍ਰਾਂਟ ਯੋਜਨਾ ਤੋਂ ਮਾਲੀ ਮਦਦ ਲੈਣ ਵਾਲੇ ਕੁਝ ਲੋਕਾਂ ਦੇ ਕੰਮ ਬਾਰੇ ਲੜੀ ਦਾ ਹਿੱਸਾ ਹੈ। ਇਸ ਪ੍ਰਾਜੈਕਟ ਨੂੰ ਮੈਟਾਮੋਰਫੋਸਿਸ ਫਾਊਂਡੇਸ਼ਨ ਅਤੇ ਟੈੱਕਸੂਪ ਨੇ ਸਿਵਿਕਸ ਨਾਲ ਭਾਈਵਾਲੀ ਵਿੱਚ ਡਿਜੀਟਲ ਡੈਮੋਕ੍ਰੇਸੀ ਇਨੀਸ਼ੀਏਟਿਵ (DDI) ਅਧੀਨ ਲਾਗੂ ਕੀਤਾ ਹੈ, ਜੋ ਗਲੋਬਲ ਸਾਊਥ ਨੂੰ ਆਪਣੇ ਦਾਇਰੇ ਵਿੱਚ ਲੈਂਦਾ ਹੈ। ਇਹ ਸਮੱਗਰੀ ਸਾਂਝੀ ਕਰਨ ਦੇ ਇਕ ਸਮਝੌਤੇ ਤਹਿਤ ਗਲੋਬਲ ਵੌਇਸਿਜ਼ ਉੱਤੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਕਜ਼ਾਖਸਤਾਨ ਦੇ ਪੇਂਡੂ ਇਲਾਕਿਆਂ ਦੀਆਂ ਔਰਤਾਂ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਉੱਤੇ ਜਲਵਾਯੂ ਤਬਦੀਲੀ, ਊਰਜਾ ਦੀ ਘਾਟ ਅਤੇ ਮਾੜੇ ਪ੍ਰਸ਼ਾਸਨ ਦਾ ਸਭ ਤੋਂ ਵੱਧ ਅਸਰ ਪੈਂਦਾ ਹੈ। ਪਾਣੀ ਦੀ ਘਾਟ ਦਾ ਭਾਰੀ ਬੋਝ ਉਨ੍ਹਾਂ ਨੂੰ ਝੱਲਣਾ ਪੈਂਦਾ ਹੈ। ਇਹ ਸਮੱਸਿਆ ਖ਼ਾਸ ਕਰਕੇ ਦੇਸ਼ ਦੇ ਦੱਖਣੀ ਹਿੱਸਿਆਂ ਵਿੱਚ ਸਭ ਤੋਂ ਗੰਭੀਰ ਹੈ, ਜਿੱਥੇ ਸੰਘਣੀ ਆਬਾਦੀ, ਖੇਤੀਬਾੜੀ ਉੱਤੇ ਆਰਥਿਕ ਨਿਰਭਰਤਾ ਅਤੇ ਪੁਰਾਣੇ ਸਿੰਜਾਈ ਢਾਂਚੇ ਕਾਰਨ ਪਾਣੀ ਦੀ ਬਰਬਾਦੀ ਇਸ ਨੂੰ ਹੋਰ ਵਧਾਉਂਦੀ ਹੈ।
ਦੱਖਣੀ ਜਾਂਬਿਲ ਖੇਤਰ ਵਿੱਚ ਸਥਿਤ ਕਿਜ਼ਿਲਸਾਈ ਪਿੰਡ ਵਿੱਚ ਪਾਣੀ ਦੀ ਘਾਟ ਔਰਤਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੀ ਵੱਡੀ ਸਮੱਸਿਆ ਬਣ ਗਈ ਹੈ। ਇਸ ਕਰਕੇ ਉਨ੍ਹਾਂ ਨੂੰ ਆਪਣੇ ਘਰਾਂ, ਬਗੀਚਿਆਂ ਅਤੇ ਪਸ਼ੂਆਂ ਲਈ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਹਰ ਰੋਜ਼ ਕਈ ਘੰਟੇ ਘਰੋਂ ਬਾਹਰ ਬਿਤਾਉਣੇ ਪੈਂਦੇ ਹਨ। ਉਨ੍ਹਾਂ ਦੀ ਸਖ਼ਤ ਮਿਹਨਤ ਅਕਸਰ ਕਿਸੇ ਦੇ ਧਿਆਨ ਵਿੱਚ ਨਹੀਂ ਆਉਂਦੀ ਅਤੇ ਇਸ ਦਾ ਕੋਈ ਮਿਹਨਤਾਨਾ ਵੀ ਨਹੀਂ ਮਿਲਦਾ। ਦੂਰ-ਦੁਰਾਡੇ ਵਸੇ ਹੋਣ ਕਾਰਨ ਜਾਣਕਾਰੀ ਅਤੇ ਸਰਕਾਰੀ ਸੇਵਾਵਾਂ ਤੱਕ ਉਨ੍ਹਾਂ ਦੀ ਪਹੁੰਚ ਵੀ ਸੀਮਤ ਰਹਿੰਦੀ ਹੈ, ਜਿਸ ਨਾਲ ਉਨ੍ਹਾਂ ਦੀ ਹਾਲਤ ਹੋਰ ਵਿਗੜਦੀ ਹੈ।
2026 ਵਿੱਚ ਸਥਾਨਕ ਕਾਰਕੁਨ ਨਾਜ਼ਗੁਲ ਐਦਾਬੋਸਿਨੋਵਾ ਨੇ ਪਿੰਡ ਦੀਆਂ ਔਰਤਾਂ ਦੀ ਰੋਜ਼ੀ-ਰੋਟੀ ਬਿਹਤਰ ਬਣਾਉਣ ਵਿੱਚ ਮਦਦ ਲਈ ਇਕ ਪ੍ਰਾਜੈਕਟ ਲਾਗੂ ਕੀਤਾ। ਇਸ ਤਹਿਤ ਉਨ੍ਹਾਂ ਨੂੰ ਸਰਕਾਰ ਨਾਲ ਵਧੇਰੇ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਰਾਬਤਾ ਕਰਨ, ਆਪਣੀ ਮਿਹਨਤ ਅਤੇ ਉਤਪਾਦਾਂ ਦੀ ਲਾਗਤ ਕੱਢਣ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਾਂਝੇ ਯਤਨ ਜੁਟਾਉਣ ਦੀ ਸਿਖਲਾਈ ਦਿੱਤੀ ਗਈ। ਗਲੋਬਲ ਵੌਇਸਿਜ਼ ਨੇ ਉਨ੍ਹਾਂ ਦੀ ਪਹਿਲ ਬਾਰੇ ਹੋਰ ਜਾਣਨ ਲਈ ਐਦਾਬੋਸਿਨੋਵਾ ਨਾਲ ਈਮੇਲ ਰਾਹੀਂ ਇੰਟਰਵਿਊ ਕੀਤਾ। ਸਪਸ਼ਟਤਾ ਅਤੇ ਸੰਖੇਪਤਾ ਲਈ ਇੰਟਰਵਿਊ ਨੂੰ ਸੰਪਾਦਿਤ ਕੀਤਾ ਗਿਆ ਹੈ।
ਗਲੋਬਲ ਵੌਇਸਿਜ਼ (GV): ਕਿਰਪਾ ਕਰਕੇ ਸਾਨੂੰ ਆਪਣੀ ਸੰਸਥਾ ਬਾਰੇ ਦੱਸੋ ਅਤੇ ਇਹ ਵੀ ਕਿ ਤੁਸੀਂ ਡਿਜੀਟਲ ਸਪਾਰਕਸ ਪ੍ਰਾਜੈਕਟ ਨਾਲ ਜੁੜਨ ਦਾ ਫ਼ੈਸਲਾ ਕਿਉਂ ਕੀਤਾ।
ਨਾਜ਼ਗੁਲ ਐਦਾਬੋਸਿਨੋਵਾ (NA): ਮੈਂ ਕਿਜ਼ਿਲਸਾਈ ਦੀਆਂ ਪੇਂਡੂ ਔਰਤਾਂ ਦੀ ਅਗਵਾਈ ਵਾਲੀ ਭਾਈਚਾਰਕ ਪਹਿਲ ਦੀ ਨੁਮਾਇੰਦਗੀ ਕਰਦੀ ਹਾਂ। ਸਾਡਾ ਕੰਮ ਉਨ੍ਹਾਂ ਔਰਤਾਂ ਦੀ ਮਦਦ ਉੱਤੇ ਕੇਂਦਰਿਤ ਹੈ ਜੋ ਘਰ, ਛੋਟੇ ਖੇਤ ਅਤੇ ਪਸ਼ੂ ਸੰਭਾਲਣ ਦੇ ਨਾਲ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ, ਪਰ ਜਾਣਕਾਰੀ, ਜਨਤਕ ਸੇਵਾਵਾਂ ਅਤੇ ਨਾਗਰਿਕ ਭਾਗੀਦਾਰੀ ਦੇ ਮੌਕਿਆਂ ਤੱਕ ਉਨ੍ਹਾਂ ਦੀ ਪਹੁੰਚ ਸੀਮਤ ਹੈ।
ਅਸੀਂ ਡਿਜੀਟਲ ਸਪਾਰਕਸ ਪ੍ਰਾਜੈਕਟ ਵਿੱਚ ਹਿੱਸਾ ਲੈਣਾ ਇਸ ਲਈ ਚੁਣਿਆ ਕਿਉਂਕਿ ਡਿਜੀਟਲ ਸਾਧਨ ਔਰਤਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਸਿੱਧਾ ਅਤੇ ਅਮਲੀ ਫ਼ਰਕ ਪਾ ਸਕਦੇ ਹਨ। ਬਹੁਤ ਸਾਰੀਆਂ ਔਰਤਾਂ ਕੋਲ ਪਹਿਲਾਂ ਹੀ ਸਮਾਰਟਫੋਨ ਸਨ, ਪਰ ਪਹਿਲਾਂ ਉਹ ਇਨ੍ਹਾਂ ਦੀ ਵਰਤੋਂ ਮੁੱਖ ਤੌਰ ਉੱਤੇ ਕਾਲਾਂ ਅਤੇ ਵਟਸਐਪ ਲਈ ਹੀ ਕਰਦੀਆਂ ਸਨ।
ਪ੍ਰਾਜੈਕਟ ਨੇ ਇਨ੍ਹਾਂ ਫੋਨਾਂ ਨੂੰ eGov ਸੇਵਾਵਾਂ ਤੱਕ ਪਹੁੰਚ ਕਰਨ, ਭਾਈਚਾਰੇ ਦੀਆਂ ਸਮੱਸਿਆਵਾਂ ਦੇ ਸਬੂਤ ਦਰਜ ਕਰਨ, ਖੇਤ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ, ਡਿਜੀਟਲ ਸੁਰੱਖਿਆ ਯਕੀਨੀ ਬਣਾਉਣ ਅਤੇ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਸਾਧਨ ਬਣਾਉਣ ਦਾ ਮੌਕਾ ਦਿੱਤਾ।
GV: ਤੁਹਾਡੇ ਭਾਈਚਾਰੇ ਦੀ ਕਿਹੜੀ ਸਮੱਸਿਆ ਜਾਂ ਚੁਣੌਤੀ ਨੇ ਤੁਹਾਨੂੰ ਇਹ ਪ੍ਰਾਜੈਕਟ ਸ਼ੁਰੂ ਕਰਨ ਲਈ ਪ੍ਰੇਰਿਆ?
NA: ਮੁੱਖ ਚੁਣੌਤੀ ਕਿਜ਼ਿਲਸਾਈ ਵਿੱਚ ਪਾਣੀ ਦੀ ਭਰੋਸੇਯੋਗ ਸਪਲਾਈ ਨਾ ਹੋਣਾ ਹੈ। ਦਿਨ ਵੇਲੇ ਪਾਈਪਾਂ ਵਿੱਚੋਂ ਅਕਸਰ ਪਾਣੀ ਆਉਣਾ ਬੰਦ ਹੋ ਜਾਂਦਾ ਹੈ, ਖ਼ਾਸ ਕਰਕੇ ਗਰਮੀਆਂ ਵਿੱਚ। ਇਸ ਦਾ ਅਸਰ ਬਗੀਚਿਆਂ, ਪਸ਼ੂਆਂ, ਘਰੇਲੂ ਕੰਮ ਅਤੇ ਪਰਿਵਾਰਾਂ ਦੀ ਸਿਹਤ ਤੇ ਭਲਾਈ ਉੱਤੇ ਪੈਂਦਾ ਹੈ।
ਇਸ ਦਾ ਬੋਝ ਔਰਤਾਂ ਉੱਤੇ ਕਿਤੇ ਵੱਧ ਪੈਂਦਾ ਹੈ। ਉਹ ਪਾਣੀ ਇਕੱਠਾ ਕਰਨ ਲਈ ਸਵੇਰੇ ਜਲਦੀ ਉੱਠਦੀਆਂ ਹਨ, ਘਰ ਅਤੇ ਖੇਤੀ ਦੀਆਂ ਲੋੜਾਂ ਲਈ ਪਾਣੀ ਢੋਂਦੀਆਂ ਹਨ, ਪਸ਼ੂਆਂ ਦੀ ਦੇਖਭਾਲ ਕਰਦੀਆਂ ਹਨ ਅਤੇ ਸਿੰਜਾਈ ਲਈ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ। ਇਸ ਕੰਮ ਦਾ ਵੱਡਾ ਹਿੱਸਾ ਬਿਨਾਂ ਮਿਹਨਤਾਨੇ ਦੇ ਹੁੰਦਾ ਹੈ, ਬਹੁਤ ਸਮਾਂ ਲੈਂਦਾ ਹੈ ਅਤੇ ਇਸ ਨੂੰ ਕਦੇ-ਕਦਾਈਂ ਹੀ ਮਾਨਤਾ ਮਿਲਦੀ ਹੈ।
ਪਾਣੀ ਦੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਨ ਵਿੱਚ ਵੀ ਔਰਤਾਂ ਨੂੰ ਰੁਕਾਵਟਾਂ ਆਉਂਦੀਆਂ ਸਨ। ਉਨ੍ਹਾਂ ਨੂੰ ਪਤਾ ਸੀ ਕਿ ਕੀ ਹੋ ਰਿਹਾ ਹੈ, ਪਰ ਸਥਾਨਕ ਸੰਸਥਾਵਾਂ ਕੋਲ ਪ੍ਰਭਾਵਸ਼ਾਲੀ ਢੰਗ ਨਾਲ ਮੁੱਦਾ ਚੁੱਕਣ ਲਈ ਲੋੜੀਂਦੀ ਜਾਣਕਾਰੀ, ਸਬੂਤ ਅਤੇ ਭਰੋਸਾ ਅਕਸਰ ਉਨ੍ਹਾਂ ਕੋਲ ਨਹੀਂ ਹੁੰਦਾ ਸੀ।
GV: ਪ੍ਰਾਜੈਕਟ ਵਿੱਚ ਹਿੱਸਾ ਲੈਂਦੇ ਸਮੇਂ ਤੁਹਾਡੀ ਸੰਸਥਾ ਨੇ ਕਿਹੜੀਆਂ ਮੁੱਖ ਤਬਦੀਲੀਆਂ ਕੀਤੀਆਂ ਜਾਂ ਸਰਗਰਮੀਆਂ ਚਲਾਈਆਂ?
NA: ਪ੍ਰਾਜੈਕਟ ਤਹਿਤ 10 ਪੇਂਡੂ ਔਰਤਾਂ ਲਈ 4 ਅਮਲੀ ਸਿਖਲਾਈ ਸੈਸ਼ਨ ਕਰਵਾਏ ਗਏ।
ਪਹਿਲੇ ਸੈਸ਼ਨ ਦਾ ਸਿਰਲੇਖ ਸੀ, “ਤੁਹਾਡਾ ਫੋਨ ਵਟਸਐਪ ਤੋਂ ਕਿਤੇ ਵੱਧ ਹੈ: ਘਰੇਲੂ ਸਹਾਇਕ ਵਜੋਂ ਸਮਾਰਟਫੋਨ।” ਇਸ ਵਿੱਚ ਉਨ੍ਹਾਂ ਨੂੰ ਸਮਾਰਟਫੋਨ ਰਿਮਾਈਂਡਰ, ਖੇਤ ਅਤੇ ਪਸ਼ੂਆਂ ਦੇ ਕੰਮ ਦੀਆਂ ਫੋਟੋ ਡਾਇਰੀਆਂ, eGov ਸੇਵਾਵਾਂ, ਮਜ਼ਬੂਤ ਪਾਸਵਰਡ ਅਤੇ ਡਿਜੀਟਲ ਸੁਰੱਖਿਆ ਦੇ ਮੁੱਢਲੇ ਤਰੀਕੇ ਵਰਤਣੇ ਸਿਖਾਏ ਗਏ।
“ਸਮਾਰਟ ਪਾਣੀ: ਜਦੋਂ ਤੁਹਾਡਾ ਬਗੀਚਾ ਦੱਸੇ ਕਿ ਉਸ ਨੂੰ ਪਿਆਸ ਲੱਗੀ ਹੈ” ਸਿਰਲੇਖ ਵਾਲੀ ਦੂਜੀ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੇ ਪਾਣੀ ਸਬੰਧੀ ਹੱਕਾਂ, ਸਬੰਧਤ ਸਥਾਨਕ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਅਤੇ ਸਮੇਂ ਦੀ ਮੋਹਰ ਤੇ GPS ਟੈਗ ਵਾਲੀਆਂ ਤਸਵੀਰਾਂ ਰਾਹੀਂ ਪਾਣੀ ਦੀ ਸਪਲਾਈ ਦਾ ਨਕਸ਼ਾ ਬਣਾਉਣ ਬਾਰੇ ਸਿੱਖਿਆ।
ਤੀਜੇ ਸੈਸ਼ਨ ਦਾ ਸਿਰਲੇਖ ਸੀ, “ਅੰਕ ਝੂਠ ਨਹੀਂ ਬੋਲਦੇ: ਜਦੋਂ ਤੁਸੀਂ ਹਰ ਚੀਜ਼ ਦਾ ਹਿਸਾਬ ਰੱਖਦੇ ਹੋ ਤਾਂ ਵੱਧ ਕਮਾਉਂਦੇ ਹੋ।” ਇਸ ਵਿੱਚ ਬਿਨਾਂ ਮਿਹਨਤਾਨੇ ਵਾਲੇ ਕੰਮ ਦਾ ਹਿਸਾਬ ਰੱਖਣ ਅਤੇ ਦੁੱਧ ਵਰਗੇ ਖੇਤੀ ਉਤਪਾਦਾਂ ਦੀ ਅਸਲ ਲਾਗਤ ਕੱਢਣ ਬਾਰੇ ਦੱਸਿਆ ਗਿਆ। ਇਸ ਵਿੱਚ ਸਮਾਰਟ ਸਿੰਜਾਈ ਨਾਲ ਬਚੇ ਸਮੇਂ ਦੀ ਆਰਥਿਕ ਕੀਮਤ ਉੱਤੇ ਵੀ ਚਰਚਾ ਹੋਈ।
“ਇਮਾਨਦਾਰ ਸਮਝੌਤਾ: ਜਦੋਂ ਤਕਨਾਲੋਜੀ ਇਕ-ਦੂਜੇ ਉੱਤੇ ਭਰੋਸਾ ਕਰਨ ਵਿੱਚ ਸਾਡੀ ਮਦਦ ਕਰੇ” ਨਾਮ ਦੇ ਚੌਥੇ ਅਤੇ ਆਖ਼ਰੀ ਸੈਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੇ ਇਹ ਯੋਜਨਾਵਾਂ ਬਣਾਈਆਂ ਕਿ ਕਿੰਨਾ ਸਮਾਂ ਲਾਉਣ ਨਾਲ ਕਿੰਨੀ ਆਮਦਨ ਹੋ ਸਕਦੀ ਹੈ, ਸਥਾਨਕ ਸਹਾਇਤਾ ਨੈੱਟਵਰਕਾਂ ਦਾ ਨਕਸ਼ਾ ਤਿਆਰ ਕੀਤਾ ਅਤੇ ਸਾਥੀਆਂ ਨੂੰ ਸਲਾਹ ਤੇ ਸਿਖਲਾਈ ਦੇਣ ਬਾਰੇ ਚਰਚਾ ਕੀਤੀ। ਉਹ ਪਾਣੀ ਦੇ ਮੁੱਦੇ ਦੀ ਸਾਂਝੀ ਪੈਰਵੀ ਅਤੇ ਸਾਂਝੇ ਸਮਾਰਟ ਸਿੰਜਾਈ ਢਾਂਚੇ ਲਈ ਸਹਿਕਾਰੀ ਤਰੀਕੇ ਨਾਲ ਕੰਮ ਸ਼ੁਰੂ ਕਰਨ ਉੱਤੇ ਵੀ ਸਹਿਮਤ ਹੋਏ।
GV: ਪ੍ਰਾਜੈਕਟ ਵਿੱਚ ਤੁਹਾਡੀ ਭਾਗੀਦਾਰੀ ਦਾ ਤੁਹਾਡੀ ਸੰਸਥਾ ਤੋਂ ਲਾਭ ਲੈਣ ਵਾਲਿਆਂ ਅਤੇ ਤੁਹਾਡੇ ਭਾਈਚਾਰੇ ਉੱਤੇ ਕੀ ਅਸਰ ਪਿਆ? ਕਿਰਪਾ ਕਰਕੇ ਮਿਸਾਲਾਂ ਦਿਓ।
NA: ਪ੍ਰਾਜੈਕਟ ਨੇ ਹਿੱਸਾ ਲੈਣ ਵਾਲੀਆਂ ਔਰਤਾਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਕਿ ਸਮਾਰਟਫੋਨ ਸਿਰਫ਼ ਗੱਲਬਾਤ ਦੇ ਸਾਧਨ ਨਹੀਂ, ਸਗੋਂ ਖ਼ੁਦਮੁਖ਼ਤਿਆਰੀ, ਨਾਗਰਿਕ ਭਾਗੀਦਾਰੀ ਅਤੇ ਅਮਲੀ ਸਮੱਸਿਆਵਾਂ ਹੱਲ ਕਰਨ ਦੇ ਸਾਧਨ ਵੀ ਹਨ।
ਮਿਸਾਲ ਵਜੋਂ, ਔਰਤਾਂ ਨੇ ਸਿੱਖਿਆ ਕਿ ਉਹ ਕੁਝ ਸਰਕਾਰੀ ਦਸਤਾਵੇਜ਼ਾਂ ਲਈ ਆਨਲਾਈਨ ਬੇਨਤੀ ਕਰਨ ਵਾਸਤੇ eGov ਸੇਵਾਵਾਂ ਵਰਤ ਸਕਦੀਆਂ ਹਨ। ਇਸ ਨਾਲ ਪ੍ਰਸ਼ਾਸਕੀ ਦਫ਼ਤਰਾਂ ਤੱਕ ਜਾਣ ਉੱਤੇ ਲੱਗਣ ਵਾਲਾ ਸਮਾਂ ਅਤੇ ਪੈਸਾ ਘਟਦਾ ਹੈ।
ਉਨ੍ਹਾਂ ਨੇ ਪਾਣੀ ਦੀਆਂ ਸਮੱਸਿਆਵਾਂ ਦੇ ਸਬੂਤ ਤਰਤੀਬਵਾਰ ਢੰਗ ਨਾਲ ਤਿਆਰ ਕਰਨੇ ਵੀ ਸਿੱਖੇ। ਸੁੱਕੀ ਨਹਿਰ, ਟੁੱਟੀ ਪਾਈਪ ਜਾਂ ਦੂਸ਼ਿਤ ਪਾਣੀ ਦੇ ਸਰੋਤ ਦੀ ਤਸਵੀਰ ਵਿੱਚ ਜੇ ਤਾਰੀਖ਼, ਥਾਂ ਅਤੇ ਲਿਖਤੀ ਵੇਰਵਾ ਵੀ ਹੋਵੇ ਤਾਂ ਪੈਰਵੀ ਲਈ ਉਹ ਹੋਰ ਲਾਭਦਾਇਕ ਬਣ ਜਾਂਦੀ ਹੈ।
ਬਿਨਾਂ ਮਿਹਨਤਾਨੇ ਵਾਲੇ ਕੰਮ ਅਤੇ ਉਤਪਾਦਨ ਲਾਗਤ ਬਾਰੇ ਸਿਖਲਾਈ ਖ਼ਾਸ ਤੌਰ ਉੱਤੇ ਅਰਥਪੂਰਨ ਸੀ। ਹਿੱਸਾ ਲੈਣ ਵਾਲਿਆਂ ਨੇ ਆਪਣੇ ਸਮੇਂ ਦੀ ਕੀਮਤ ਕੱਢੀ ਅਤੇ ਦੁੱਧ ਦੇ ਉਤਪਾਦਨ ਤੇ ਸਿੰਜਾਈ ਦੇ ਕੰਮ ਦੀ ਅਸਲ ਲਾਗਤ ਨੂੰ ਬਿਹਤਰ ਢੰਗ ਨਾਲ ਸਮਝਿਆ। ਚਰਚਾ ਤੋਂ ਪਤਾ ਲੱਗਾ ਕਿ ਹੱਥੀਂ ਸਿੰਜਾਈ ਵਿੱਚ ਹਰ ਮਹੀਨੇ 60 ਘੰਟੇ ਤੱਕ ਲੱਗ ਸਕਦੇ ਹਨ।
ਇਸ ਨਾਲ ਹਿੱਸਾ ਲੈਣ ਵਾਲਿਆਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਕਿ ਉਨ੍ਹਾਂ ਦੇ ਸਮੇਂ ਦੀ ਆਰਥਿਕ ਕੀਮਤ ਹੈ ਅਤੇ ਸਾਂਝੀ ਸਮਾਰਟ ਸਿੰਜਾਈ ਦੇ ਹੱਲਾਂ ਨਾਲ ਆਮਦਨ ਕਮਾਉਣ, ਸਿੱਖਿਆ, ਆਰਾਮ ਅਤੇ ਭਾਈਚਾਰਕ ਭਾਗੀਦਾਰੀ ਲਈ ਹੋਰ ਸਮਾਂ ਮਿਲ ਸਕਦਾ ਹੈ।
ਸਮੂਹ ਨੇ ਇਕ-ਦੂਜੇ ਤੋਂ ਸਿੱਖਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ। ਹਿੱਸਾ ਲੈਣ ਵਾਲੀਆਂ 3 ਔਰਤਾਂ ਨੇ ਸਿਖਲਾਈ ਦੌਰਾਨ ਮਿਲਿਆ ਗਿਆਨ ਗੁਆਂਢ ਦੀਆਂ ਔਰਤਾਂ ਨਾਲ ਸਾਂਝਾ ਕਰਨਾ ਸ਼ੁਰੂ ਕੀਤਾ।
GV: ਪ੍ਰਾਜੈਕਟ ਵਿੱਚ ਹਿੱਸਾ ਲੈਣ ਸਦਕਾ ਡਿਜੀਟਲ ਲੋਕਤੰਤਰ ਅਤੇ ਨਾਗਰਿਕ ਸਰਗਰਮੀਆਂ ਦੀ ਥਾਂ ਬਾਰੇ ਤੁਹਾਡੀ ਆਪਣੀ ਜਾਣਕਾਰੀ, ਜਾਗਰੂਕਤਾ ਅਤੇ ਤਜਰਬੇ ਵਿੱਚ ਕਿਹੜੀ ਤਬਦੀਲੀ ਆਈ ਹੈ?
NA: ਡਿਜੀਟਲ ਲੋਕਤੰਤਰ ਬਾਰੇ ਮੇਰੀ ਸਮਝ ਹੁਣ ਕਿਤੇ ਵੱਧ ਅਮਲੀ ਹੋ ਗਈ ਹੈ। ਇਸ ਪ੍ਰਾਜੈਕਟ ਤੋਂ ਪਹਿਲਾਂ ਡਿਜੀਟਲ ਸਾਧਨਾਂ ਨੂੰ ਮੁੱਖ ਤੌਰ ਉੱਤੇ ਗੱਲਬਾਤ ਕਰਨ ਜਾਂ ਜਾਣਕਾਰੀ ਹਾਸਲ ਕਰਨ ਦੇ ਜ਼ਰੀਏ ਵਜੋਂ ਦੇਖਿਆ ਜਾ ਸਕਦਾ ਸੀ।
ਡਿਜੀਟਲ ਸਪਾਰਕਸ ਰਾਹੀਂ ਮੈਂ ਦੇਖਿਆ ਕਿ ਡਿਜੀਟਲ ਸਾਧਨ ਲੋਕਾਂ ਦੀ ਆਪਣੇ ਹੱਕ ਵਰਤਣ, ਜਨਤਕ ਸੇਵਾਵਾਂ ਤੱਕ ਪਹੁੰਚ ਕਰਨ, ਸਬੂਤ ਇਕੱਠੇ ਕਰਨ, ਸਥਾਨਕ ਅਧਿਕਾਰੀਆਂ ਨਾਲ ਰਾਬਤਾ ਕਰਨ ਅਤੇ ਸਾਂਝੇ ਤੌਰ ਉੱਤੇ ਸੰਗਠਿਤ ਹੋਣ ਦੀ ਸਮਰੱਥਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਨ।
ਮੈਨੂੰ ਡਿਜੀਟਲ ਸ਼ਮੂਲੀਅਤ, ਔਰਤਾਂ ਦੇ ਬਿਨਾਂ ਮਿਹਨਤਾਨੇ ਵਾਲੇ ਕੰਮ, ਜਲਵਾਯੂ ਨਾਲ ਜੁੜੀਆਂ ਪਾਣੀ ਦੀਆਂ ਚੁਣੌਤੀਆਂ ਅਤੇ ਨਾਗਰਿਕ ਸਰਗਰਮੀਆਂ ਦੀ ਥਾਂ ਵਿਚਕਾਰ ਸਬੰਧ ਦੀ ਵੀ ਵਧੇਰੇ ਡੂੰਘੀ ਸਮਝ ਮਿਲੀ।
ਪੇਂਡੂ ਔਰਤਾਂ ਲਈ ਡਿਜੀਟਲ ਸਮਰੱਥਾ ਸਿਰਫ਼ ਤਕਨੀਕੀ ਹੁਨਰਾਂ ਦੀ ਗੱਲ ਨਹੀਂ ਹੈ। ਇਸ ਦਾ ਮਤਲਬ ਹੈ ਆਪਣੀ ਆਵਾਜ਼ ਰੱਖਣਾ, ਸਮੱਸਿਆਵਾਂ ਦੇ ਸਬੂਤ ਦਰਜ ਕਰ ਸਕਣਾ, ਆਪਣੇ ਹੱਕ ਸਮਝਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ਵਿੱਚ ਹਿੱਸਾ ਲੈਣਾ।
GV: ਇਸ ਪ੍ਰਾਜੈਕਟ ਤੋਂ ਤੁਸੀਂ ਕਿਹੜੀਆਂ ਸਭ ਤੋਂ ਕੀਮਤੀ ਸਿੱਖਿਆਵਾਂ ਅਤੇ ਤਜਰਬੇ ਆਪਣੇ ਨਾਲ ਲੈ ਕੇ ਜਾ ਰਹੇ ਹੋ?
NA: ਸਭ ਤੋਂ ਕੀਮਤੀ ਸਿੱਖਿਆ ਇਹ ਹੈ ਕਿ ਡਿਜੀਟਲ ਜਾਣਕਾਰੀ ਅਤੇ ਹੁਨਰ ਦਾ ਅਸਰ ਉਦੋਂ ਸਭ ਤੋਂ ਵੱਧ ਹੁੰਦਾ ਹੈ ਜਦੋਂ ਇਹ ਲੋਕਾਂ ਦੀਆਂ ਅਸਲ ਰੋਜ਼ਾਨਾ ਲੋੜਾਂ ਨਾਲ ਸਿੱਧੇ ਤੌਰ ਉੱਤੇ ਜੁੜੇ ਹੋਣ। ਕਿਜ਼ਿਲਸਾਈ ਵਿੱਚ ਪਾਣੀ ਦੀ ਘਾਟ, ਖੇਤੀਬਾੜੀ ਦਾ ਕੰਮ, ਬਿਨਾਂ ਮਿਹਨਤਾਨੇ ਵਾਲੀਆਂ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਅਤੇ ਜਨਤਕ ਸੇਵਾਵਾਂ ਤੱਕ ਪਹੁੰਚ ਅਜਿਹੇ ਮੁੱਦੇ ਸਨ ਜਿਨ੍ਹਾਂ ਨੇ ਡਿਜੀਟਲ ਸਾਧਨਾਂ ਨੂੰ ਢੁਕਵਾਂ ਅਤੇ ਲਾਭਦਾਇਕ ਬਣਾਇਆ।
ਇਕ ਹੋਰ ਮਹੱਤਵਪੂਰਨ ਸਿੱਖਿਆ ਇਹ ਹੈ ਕਿ ਔਰਤਾਂ ਨੂੰ ਸਿਰਫ਼ ਜਾਣਕਾਰੀ ਹੀ ਨਹੀਂ, ਸਗੋਂ ਭਰੋਸੇ ਅਤੇ ਸਾਂਝੇ ਸਹਿਯੋਗ ਦੀ ਵੀ ਲੋੜ ਹੈ। ਜਦੋਂ ਹਿੱਸਾ ਲੈਣ ਵਾਲੀਆਂ ਨੇ ਆਪਣੇ ਹੱਕ ਸਮਝੇ, ਆਪਣੀ ਮਿਹਨਤ ਦੀ ਕੀਮਤ ਕੱਢੀ ਅਤੇ ਭਰੋਸੇਯੋਗ ਸਬੂਤ ਤਿਆਰ ਕਰਨੇ ਸਿੱਖੇ ਤਾਂ ਉਹ ਸਥਾਨਕ ਅਧਿਕਾਰੀਆਂ ਨਾਲ ਗੱਲ ਕਰਨ ਅਤੇ ਮਿਲ ਕੇ ਕੰਮ ਕਰਨ ਲਈ ਵਧੇਰੇ ਤਿਆਰ ਹੋ ਗਈਆਂ।
ਪ੍ਰਾਜੈਕਟ ਨੇ ਇਕ-ਦੂਜੇ ਤੋਂ ਸਿੱਖਣ ਦੀ ਅਹਿਮੀਅਤ ਵੀ ਦਿਖਾਈ। ਹਿੱਸਾ ਲੈਣ ਵਾਲੀਆਂ ਔਰਤਾਂ ਦੇ ਆਪਣੇ ਭਾਈਚਾਰੇ ਦੀਆਂ ਉਨ੍ਹਾਂ ਔਰਤਾਂ ਉੱਤੇ ਭਰੋਸਾ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਦੀ ਸੰਭਾਵਨਾ ਵੱਧ ਹੁੰਦੀ ਹੈ ਜੋ ਮਿਲਦੀਆਂ-ਜੁਲਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੀਆਂ ਹਨ।
GV: ਅੱਗੇ ਕੀ ਹੋਵੇਗਾ? ਤੁਸੀਂ ਹਾਸਲ ਕੀਤੀ ਸਿੱਖਿਆ ਅਤੇ ਡਿਜੀਟਲ ਸਮਰੱਥਾ ਨੂੰ ਆਪਣੇ ਭਵਿੱਖ ਦੇ ਕੰਮ ਅਤੇ ਭਾਈਚਾਰੇ ਵਿੱਚ ਕਿਵੇਂ ਵਰਤੋਗੇ?
NA: ਅਸੀਂ ਇਕ ਤੋਂ ਦੂਜੇ ਤੱਕ ਸਿੱਖਿਆ ਪਹੁੰਚਾਉਣ ਦਾ ਸਿਲਸਿਲਾ ਜਾਰੀ ਰੱਖਾਂਗੇ। ਸਿਖਲਾਈ ਲੈ ਚੁੱਕੀਆਂ ਔਰਤਾਂ ਕਿਜ਼ਿਲਸਾਈ ਦੀਆਂ ਹੋਰ ਔਰਤਾਂ ਨਾਲ ਸਮਾਰਟਫੋਨ, eGov, ਡਿਜੀਟਲ ਸੁਰੱਖਿਆ ਅਤੇ ਸਬੂਤ ਦਰਜ ਕਰਨ ਦੇ ਮੁੱਢਲੇ ਹੁਨਰ ਸਾਂਝੇ ਕਰਨਗੀਆਂ।
ਸਮੂਹ ਪਿੰਡ ਦੀਆਂ ਪਾਣੀ ਸਬੰਧੀ ਚੁਣੌਤੀਆਂ ਲਈ ਸਹਿਕਾਰੀ ਤਰੀਕਾ ਵਿਕਸਤ ਕਰਨਾ ਚਾਹੁੰਦਾ ਹੈ। ਯੋਜਨਾਬੱਧ ਸਹਿਕਾਰੀ ਸੰਸਥਾ ਸਾਂਝੀ ਪੈਰਵੀ, ਇਕੱਠੇ ਸਿੱਖਣ ਅਤੇ ਸਮਾਰਟ ਖੂਹ ਜਾਂ ਸਾਂਝੇ ਸਿੰਜਾਈ ਢਾਂਚੇ ਲਈ ਮਾਲੀ ਮਦਦ ਦੇ ਮੌਕੇ ਲੱਭਣ ਵਿੱਚ ਸਹਾਇਤਾ ਕਰੇਗੀ।
ਭਵਿੱਖ ਦੇ ਕੰਮ ਵਿੱਚ ਅਸੀਂ ਡਿਜੀਟਲ ਹੁਨਰਾਂ ਨੂੰ ਔਰਤਾਂ ਦੀ ਆਰਥਿਕ ਖ਼ੁਦਮੁਖ਼ਤਿਆਰੀ, ਹੱਕਾਂ ਬਾਰੇ ਜਾਗਰੂਕਤਾ ਅਤੇ ਸਥਾਨਕ ਨਾਗਰਿਕ ਭਾਗੀਦਾਰੀ ਨਾਲ ਜੋੜਨਾ ਜਾਰੀ ਰੱਖਾਂਗੇ, ਤਾਂ ਜੋ ਪੇਂਡੂ ਔਰਤਾਂ ਦਾ ਕੰਮ, ਗਿਆਨ ਅਤੇ ਲੋੜਾਂ ਹੋਰ ਸਪਸ਼ਟ ਤੌਰ ਉੱਤੇ ਸਾਹਮਣੇ ਆਉਣ।
